MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Friday, December 25, 2009

"ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਗਈਆਂ"

                              

'ਖਾੜਾ ਪੂਰਾ ਭਖਿਆ ਹੋਇਆ ਸੀ। ਕਿਸੇ ਨੂੰ ਸੁਰਤ ਨਹੀਂ ਸੀ। ਸ਼ਰਾਬੀਆਂ ਦੇ ਤਾਂ ਚਲੋ ਦਿਮਾਗਾਂ ਨੂੰ ਸ਼ਰਾਬ ਚੜ੍ਹੀ ਹੋਈ ਸੀ, ਪਰ ਘੱਟ ਸੋਫੀ ਵੀ ਨਹੀਂ ਸਨ। ਕਾਫੀ ਚਿਰ ਤਾਂ ਉਹ ਸਾਰੇ ਥੱਲੇ ਨੱਚਦੇ ਰਹੇ, ਪਰ ਫੇਰ ਲੋਰ ਜਹੀ ਵਿਚ ਆ ਕੇ ਸਟੇਜ਼ 'ਤੇ ਚੜ੍ਹ ਗਏ। ਆਰਕੈਸਟਰਾ ਵਾਲੀਆਂ ਕੁੜੀਆਂ ਦੇ ਹੱਥ ਫੜ੍ਹ-ਫੜ੍ਹ ਕੇ ਨੱਚਣ ਲੱਗੇ। ਕੁਝ ਮੁੰਡਿਆਂ ਨੇ ਗਲਤ ਹਰਕਤਾਂ ਵੀ ਕਰ ਦਿੱਤੀਆਂ। ਸੋ ਪ੍ਰੋਗਰਾਮ ਵਾਲਿਆਂ ਨੇ ਆਪਣੀਆਂ ਨੱਚਣ ਵਾਲੀਆਂ ਹਟਾ ਲਈਆਂ। ਹੁਣ ਸ਼ਰਾਬੀਆਂ ਨੂੰ ਆਪਣੀ ਹੱਤਕ ਮਹਿਸੂਸ ਹੋਈ ਤੇ ਉਹਨਾਂ ਨੇ ਆਪਣੀਆਂ ਆਪਣੀਆਂ ਪਤਨੀਆਂ ਘਸੀਟ ਲਿਆਂਦੀਆਂ। ਫੇਰ ਉਹੀ ਕੰਜਰ ਖਾਨਾ ਜੋਬਨ 'ਤੇ ਪਹੁੰਚ ਗਿਆ। ਭਾਬੀਆਂ ਦੇ ਜਾਣ ਤੋਂ ਬਾਅਦ ਨਨਾਣਾ ਦੇ ਵੀ ਪੈਰਾਂ ਵਿਚ ਖੁਰਕ ਜਹੀ ਹੋਣ ਲੱਗ ਪਈ। ਵਿਆਹ ਵਾਲੇ ਮੁੰਡੇ ਦੀਆਂ ਭੈਣਾ, ਮਾਮੇ-ਚਾਚੇ-ਮਾਸੀ ਦੀਆਂ ਕੁੜੀਆਂ, ਵੀ ਖਾੜੇ ਵਿਚ ਕੁੱਦ ਪਈਆਂ ਤੇ ਆਪਣੇ ਭਰਾਵਾਂ ਦੇ ਹੱਥ ਫੜ੍ਹ ਕੇ ਨੱਚਣ ਲੱਗ ਪਈਆਂ। ਭਾਬੀਆਂ ਤਾਂ ਲੋਕਾਂ ਤੋਂ ਸੰਗਦੀਆਂ ਬੈਠ ਗਈਆਂ ਤੇ ਪੂਰਾ 'ਖਾੜਾ ਭੈਣਾ-ਭਰਾਵਾਂ ਨੇ ਸਾਂਭ ਲਿਆ। ਭਰਾ ਆਪਣੀਆਂ ਭੈਣਾ ਵੱਲ ਇਸ਼ਾਰੇ ਕਰ ਕਰ ਕੇ ਨੱਚ ਰਹੇ ਸਨ, ਤੇ ਗੀਤ ਚੱਲ ਰਿਹਾ ਸੀ, 'ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ' 
ਕੁਝ ਗੈਰਤ ਵਾਲੇ ਪਰਿਵਾਰ ਤਾਂ ਵਿਆਹ ਛੱਡ ਕੇ ਤੁਰਨ ਲੱਗੇ। ਉਹ ਸਿਆਣੇ ਸਨ ਤੇ ਨਹੀਂ ਚਾਹੁੰਦੇ ਸਨ ਕਿ ਏਹਨਾਂ ਨਚਾਰਾਂ ਦਾ ਪਾਹ ਉਹਨਾਂ ਦੇ ਜਵਾਕਾਂ ਨੂੰ ਵੀ ਲੱਗੇ। ਏਧਰ ਕੰਜਰ ਕਿੱਤਾ ਜਾਰੀ ਸੀ, 'ਤੇਰਾ ਹੁਸਨ ਇਹ ਕਤਲ ਕਰਾ ਦੂ, ਗੱਭਰੂ ਪੰਜ ਦਰਿਆਵਾਂ ਦੇ.....' ਸ਼ਰਮ....? ਉਹ ਤਾਂ ਕਿਸੇ ਨੁੱਕਰ ਵਿਚ ਬੈਠੀ ਆਪ ਸ਼ਰਮ ਸਾਰ ਹੋ ਰਹੀ ਸੀ। ਉਸ ਨੂੰ ਭੱਜਣ ਨੂੰ ਥਾਂ ਨਹੀਂ ਲੱਭ ਰਿਹਾ ਸੀ। ਰੋਣਾ ਸਿਰਫ ਇਹੀ ਨਹੀਂ ਸੀ ਕਿ ਲੋਕਾਂ ਦੀਆਂ ਧੀਆਂ ਭੈਣਾ ਦੀਆਂ ਇੱਜ਼ਤਾਂ ਦੇ ਰਾਖੇ ਪੰਜਾਬ ਦੇ ਜਾਏ ਅੱਜ ਏਨੇ ਬੇਅਣਖੇ ਹੋ ਗਏ ਹਨ ਕਿ ਆਪਣੀਆਂ ਭੈਣਾ ਦੀ ਇੱਜ਼ਤ ਵੀ ਲੋਕਾਂ ਸਾਹਮਣੇ ਨੀਲਾਮ ਕਰ ਰਹੇ ਹਨ, ਰੋਣਾ ਇਹ ਵੀ ਸੀ ਕਿ ਭੈਣਾ ਵੀ ਇਸ ਕਾਰੇ ਤੋਂ ਦੁਖੀ ਨਹੀਂ ਸਨ ਸਗੋਂ ਪੂਰੀਆਂ ਖੁਸ਼ ਸਨ ਤੇ ਭਰਾਵਾਂ ਦੇ ਪੱਬਾਂ ਨਾਲ ਪੱਬ ਰਲਾ ਕੇ ਨੱਚ ਰਹੀਆਂ ਸਨ, ਕਿਸੇ ਪੱਖੋਂ ਵੀ ਉਹ ਘੱਟ ਨਹੀਂ ਅਖਵਾਉਣਾ ਚਾਹੁੰਦੀਆਂ ਸਨ। ਅਖਵਾਉਣ ਵੀ ਕਿਉਂ, '21ਵੀਂ ਸਦੀ ਦੀ ਔਰਤ ਮਰਦ ਦੇ ਬਰਾਬਰ' ਕੁਝ ਕੁੜੀਆਂ ਤਾਂ ਉੱਚੀ-ਉੱਚੀ ਗਾ ਵੀ ਰਹੀਆਂ ਸਨ, 'ਪੇਪਰ ਜਾਂ ਚੜੂ ਸਾਡਾ ਪਿਆਰ ਮੁੰਡਿਆ ਵੇ ਸਿਰੇ ਦੋਨਾਂ ਵਿਚੋਂ ਇਕ.....' ਵਿਆਹ ਵਾਲੇ ਮੁੰਡੇ ਦੀ ਪੜਦਾਦੀ ਮੁੰਡੇ ਨੂੰ ਸ਼ਗਨ ਦੇਣ ਲਈ ਲਿਆਂਦੀ ਗਈ। ਜਦੋਂ ਉਹ ਸ਼ਗਨ ਦੇ ਕੇ ਵਾਪਸ ਮੁੜੀ ਤਾਂ ਉਹ ਲੰਘਦੀ-ਲੰਘਦੀ ਏਸ ਭੂਤ ਭੰਗੜੇ ਨੂੰ ਵੇਖਣ ਲੱਗ ਪਈ। ਮਾਤਾ ਨੂੰ ਅਜੇ ਮਾੜਾ-ਮੋਟਾ ਦਿਸਦਾ ਸੀ। ਉਹ ਨਾਲ ਦੀ ਕੁੜੀ ਨੂੰ ਪੁੱਛਣ ਲੱਗੀ, "ਕੁੜੇ ਜੀਤ ਆਹ ਪੈਟਾਂ ਜੀਹਾਂ ਆਲੇ ਮੁੰਡੇ ਕੌਣ ਆਂ...... ਇਹ ਤਾਂ ਆਏਂ ਲੱਗਦਾ ਜਿਵੇਂ ਗੁੱਤਾਂ ਜੀਹਾਂ ਕਰੀ ਫਿਰਦੇ ਹੁੰਦੇ ਆ...." ਮਨਜੀਤ ਹੱਸਦੀ ਹੋਈ ਬੋਲੀ, "ਬੇਬੇ ਇਹ ਮੁੰਡੇ ਨ੍ਹੀ ਕੁੜੀਆਂ ਨੇ ਆਪਣੀਆਂ, ਇੱਕ ਮਿੰਦੋ ਦੀ, ਇੱਕ ਰਾਜੇ ਦੀ ਤੇ ਔਹ ਆਪਣੀ ਸਿਮਰ......" 
ਅਜੇ ਮਨਜੀਤ ਬੋਲ ਹੀ ਰਹੀ ਸੀ ਕਿ ਮਾਤਾ ਵਿਚੋਂ ਬੋਲੀ, "ਫੋਟ.... ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਆ.... ਨਾਲੇ ਹਾਅ ਕਿਹੋ ਜੇ ਲੀੜੇ ਪਾਏ ਆ ਏਹਨਾਂ ਨੇ....." "ਚੁੰਨੀਆਂ ਬੇਬੇ ਅੱਜ ਕੱਲ ਦੀਆਂ ਕੁੜੀਆਂ ਨ੍ਹੀ ਲੈਂਦੀਆਂ, ਕਹਿੰਦੀਆਂ ਸਾਡੇ ਤੋਂ ਨ੍ਹੀ ਸੰਭਦੀਆਂ ਚੁੰਨੀਆਂ" "ਲੈ ਚੁੰਨੀਆਂ ਨ੍ਹੀ ਸੰਭਦੀਆਂ ਇਹਨਾਂ ਤੋਂ ਹੋਰ ਕੀ ਪੂਰਨੇ ਪਾਉਣਗੀਆਂ.... ਛਿੱਤਰ ਆਲਾ ਈ ਹੈਣੀ ਕੋਈ.... ਸ਼ਰਮ ਤਾਂ ਜਵਾਂ ਵੇਚ ਕੇ ਖਾਲੀ ਲੰਡਰਾਂ ਨੇ..... ਨੀ ਇਹਨਾਂ ਦੇ ਮਾਪੇ ਨ੍ਹੀ ਰੋਕਦੇ ਇਹਨਾਂ ਨੂੰ..... ਤੇਰੇ ਬਾਪੂ ਜੀ ਹੁੰਦੇ ਤਾਂ ਹੁਣੇ ਗੁੱਤਾਂ ਮਰੋੜ ਦਿੰਦੇ ਕੰਜਰੀਆਂ ਦੀਆਂ...." ਬੇਬੇ ਵਿਚਾਰੀ ਕੁੜ੍ਹਦੀ ਹੋਈ ਤੁਰ ਗਈ ਤੇ ਮਨਜੀਤ ਵੀ ਕੁਝ ਨਾ ਬੋਲ ਸਕੀ। ਪਰ ਇਹਨਾਂ ਨਚਾਰਾਂ 'ਤੇ ਕਿਸੇ ਦਾ ਕੋਈ ਅਸਰ ਨਹੀਂ ਸੀ। ਕੁਝ ਕੁੜੀਆਂ ਜਿਹਨਾਂ ਦੇ ਉੱਚੀਆਂ ਜਹੀਆਂ ਟੀ-ਸ਼ਰਟਾਂ ਪਾਈਆਂ ਸਨ, ਜਦੋਂ ਹੱਥ ਉਤਾਂਹ ਚੁੱਕ ਕੇ ਨੱਚਦੀਆਂ ਤਾਂ ਸਾਰਾ ਢਿੱਡ ਨੰਗਾ ਹੋ ਜਾਂਦਾ ਤੇ ਨਾਲ ਦੀ ਨਾਲ ਮਾਪਿਆਂ ਦੀ ਇੱਜਤ ਦਾ ਦੀਵਾਲਾ ਵੀ ਨਿਕਲ ਜਾਂਦਾ।

ਦੋ ਮੁੰਡੇ ਬੈਠੇ ਗੱਲਾਂ ਕਰ ਰਹੇ ਸਨ, "ਯਰ ਆਰਕੈਸਟਰਾ ਵਾਲੀਆਂ ਨੇ ਤਾਂ ਕੋਈ ਮਜ਼ਾ ਨਹੀਂ ਲਿਆਂਦਾ, ਅਸਲੀ ਰੰਗ ਤਾਂ ਇਹਨਾਂ ਨੇ ਬੰਨ੍ਹਿਐ..... 'ਏਨਾ ਕੁਝ' ਤਾਂ ਅਰਕੈਸਟਰਾ ਵਾਲੀਆਂ ਨੇ ਨ੍ਹੀ ਦਿਖਾਇਆ ਜਿੰਨਾ ਇਹ ਦਿਖਾਈ ਜਾਂਦੀਆਂ....." "ਚੱਲ ਤੂੰ ਮੋਬਾਈਲ ਨਾ ਹਿਲਾ, ਵੀਡੀਓ ਠੀਕ ਨ੍ਹੀ ਬਣਨੀ, ਨਾਲੇ ਔਹ ਚਿੱਟੀ ਟੀ-ਸ਼ਰਟ ਵਾਲੀ 'ਤੇ ਜ਼ੂਮ ਕਰ....." ਜਦੋਂ ਉਹ ਅੱਧ ਨੰਗੀਆਂ ਕੁੜੀਆਂ ਸਟੇਜ 'ਤੇ ਨੱਚ ਰਹੀਆਂ ਸਨ ਤਾਂ ਕੁਦਰਤੀ ਡੀ.ਜੇ. ਵਾਲਿਆਂ ਤੋਂ ਇਹ ਗਾਣਾ ਪਲੇ ਹੋ ਗਿਆ, "ਵੱਡੀਏ ਮਜਾਜਣੇ ਨੰਗੇਜ਼ ਕੱਜ ਨੀ, ਲੋਕੀਂ ਤੇਰਾ ਵੇਖਦੇ ਤਮਾਸ਼ਾ ਅੱਜ ਨੀ, ਤੂੰ ਰੰਗ ਰਲੀਆਂ ਮਾਣੇ, ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਗੁਰੂ ਜਾਣੇ ਕੀ ਬਣੂ ਦੁਨੀਆਂ ਦਾ....." ਸਾਰੇ ਜਣੇ ਡੀ.ਜੇ. ਵਾਲੇ ਵੱਲ ਘੂਰ ਘੂਰ ਕੇ ਵੇਖਣ ਲੱਗ ਪਏ। ਉਹਨਾਂ ਦਾ ਸਾਰਾ ਮਜ਼ਾ ਕਿਰਕਿਰਾ ਹੋ ਗਿਆ ਸੀ। ਪਰ ਡੀ.ਜੇ. ਵਾਲੇ ਨੇ ਨਾਲ ਦੀ ਨਾਲ ਮੌਕਾ ਸਾਂਭ ਲਿਆ, 'ਮੇਰੀ ਜਿੰਦ ਨੂੰ ਪੁਆੜੇ ਪਾਉਣ ਵਾਲਿਆ ਵੇ ਤੂੰ ਜਿਪਸੀ 'ਤੇ ਕਾਹਤੋਂ ਲਿਖਵਾਇਆ ਮੇਰਾ ਨਾ....'
------- "ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਆ" ਇੱਕ ਵਾਰ ਫੇਰ ਮੇਰੇ ਕੰਨਾਂ ਵਿਚ ਇਹ ਆਵਾਜ਼ ਗੂੰਜੀ। ਸੱਚਮੁੱਚ, ਇਹਨਾਂ ਦੀਆਂ ਚੁੰਨੀਆਂ ਕਿੱਥੇ ਸਨ। ਜਿਹੜੀ ਕੌਮ ਨੂੰ ਕੇਸਾਂ ਦਾ ਸਤਿਕਾਰ ਕਰਨਾ ਸਿਖਾਇਆ ਗਿਆ ਹੋਵੇ, ਜਿਹੜੀ ਕੌਮ ਨੂੰ ਹਮੇਸ਼ਾਂ ਸਿਰ ਢਕ ਕੇ ਰੱਖਣ ਦਾ ਹੁਕਮ ਹੋਵੇ, ਜਿੱਥੇ ਚੁੰਨੀ ਨੂੰ ਇੱਜ਼ਤ ਸਮਝਿਆ ਜਾਂਦਾ ਹੋਵੇ, ਜਿੱਥੇ ਕਿਸੇ ਕੁੜੀ ਦੀ ਧੱਕੇ ਨਾਲ ਲਾਹੀ ਚੁੰਨੀ ਬਦਲੇ ਲਾਹੁਣ ਵਾਲੇ ਦਾ ਗਾਟਾ ਲਾਹ ਦਿੱਤਾ ਜਾਂਦਾ ਹੋਵੇ, ਜਿਹੜੀ ਕੌਮ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਕਾਬਲ ਕੰਧਾਰ ਤੋਂ ਆਏ ਜ਼ਾਲਮਾਂ ਦੇ ਪੰਜੇ ਵਿਚੋਂ ਛੁਡਾ ਕੇ ਉਹਨਾਂ ਦੇ ਸਿਰ ਕੱਜ ਕੇ ਵਾਪਸ ਘਰੀਂ ਤੋਰਦੀ ਹੋਵੇ, ਉਸ ਕੌਮ ਦੀਆਂ ਆਪਣੀਆਂ ਧੀਆਂ ਦੀਆਂ ਚੁੰਨੀਆਂ ਕਿੱਥੇ ਗਾਇਬ ਹੋ ਗਈਆਂ ਸਨ। ਸਚਮੁੱਚ ਇਹ ਹੈਰਾਨੀ ਵਾਲੀ ਗੱਲ ਸੀ। ਮੈਂ ਸੋਚਦਾ ਰਿਹਾ। ਇੱਕ ਦਿਨ ਕਿਸੇ ਬਜ਼ੁਰਗ ਨੂੰ ਪੁੱਛਿਆ, "ਬਾਪੂ ਜੀ ਪੰਜਾਬ ਦੀਆਂ ਕੁੜੀਆਂ ਦੀਆਂ ਚੁੰਨੀਆਂ ਕਿਧਰ ਗਈਆਂ.....?" ਬਜ਼ੁਰਗ ਦੀਆਂ ਅੱਖਾਂ ਵਿਚ ਪਾਣੀ ਆ ਗਿਆ, "ਚੁੰਨੀਆਂ...?, ਪੁੱਤ ਚੁੰਨੀਆਂ..... ਕੁਝ ਤਾਂ ਵੰਡ ਵੇਲੇ ਪਾਕਿਸਤਾਨ ਰਹਿ ਗਈਆਂ..... ਕੁਝ ਜੂਨ 84 ਵਿਚ ਭਾਰਤੀ ਫੌਜ ਨੇ ਲੁੱਟ ਲਈਆਂ, ਜਦੋਂ ਉਹਨਾਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਸਿਖ ਬੀਬੀਆਂ ਨਾਲ ਬਲਾਤਕਾਰ ਕੀਤੇ..... ਕੁਝ ਨਵੰਬਰ 84 ਦੀਆਂ ਭੂਤਰੀਆਂ ਟੋਲੀਆਂ ਨੇ ਪਾੜ ਦਿੱਤੀਆਂ, ਜਦੋਂ ਉਹਨਾਂ ਨੇ ਲੱਭ-ਲੱਭ ਕੇ 'ਸਰਦਾਰਨੀਆਂ' ਦੇ ਜਿਸਮਾਂ ਨੂੰ ਜਾਨਵਰਾਂ ਵਾਂਗ ਨੋਚਿਆ...... ਤੇ ਕੁਝ ਪੁੱਤ 84 ਤੋਂ 94 ਤੱਕ ਚੱਲੀ ਸਰਕਾਰੀ ਦਹਿਸ਼ਤਗਰਦੀ ਦੀ ਹਨੇਰੀ ਉਡਾ ਕੇ ਲੈ ਗਈ, ਖਾੜਕੂਆਂ ਦੀਆਂ ਧੀਆਂ-ਭੈਣਾਂ ਦੀਆਂ ਚੁੰਨੀਆਂ ਪੁੱਤ ਥਾਣਿਆਂ-ਕਚਿਹਰੀਆਂ ਵਿਚ ਰੁਲ ਗਈਆਂ......" ਬਾਪੂ ਹੁਬਕੋ-ਹੁਬਕੀ ਰੋਣ ਲੱਗ ਪਿਆ। ਉਸਦੀਆਂ ਗੱਲਾਂ ਪੂਰੀਆਂ ਸੱਚ ਸਨ। ਮੇਰਾ ਕਾਲਜਾ ਪਾਟਣ ਨੂੰ ਆ ਗਿਆ। ਸਚਮੁੱਚ ਸਿੰਘਾਂ ਦੇ ਪਰਿਵਾਰਾਂ 'ਤੇ ਅੰਨ੍ਹਾਂ ਸਰਕਾਰੀ ਕਹਿਰ ਵਰ੍ਹਿਆ ਸੀ ਤੇ ਉਹਨਾਂ ਦੀਆਂ ਬੱਚੀਆਂ ਨੂੰ ਵੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ। ਇਹ ਸਭ ਕੁਝ 94-95 ਤੱਕ ਚੱਲਿਆ ਤੇ ਉਸ ਤੋਂ ਬਾਅਦ...... ਉਸ ਤੋਂ ਬਾਅਦ ਸਿਖ ਲਹਿਰ ਤਾਂ ਦਬਾ ਦਿੱਤੀ ਗਈ ਪਰ ਦੁਸ਼ਮਨ ਹਾਕਮਾਂ ਨੇ ਆਪਣਾ ਕੰਮ ਜਾਰੀ ਰੱਖਿਆ। ਹੁਣ ਪੰਜਾਬ 'ਤੇ ਹੋਣਾ ਸੀ '(ਅ)ਸੱਭਿਆਚਾਰਕ ਹਮਲਾ'। ਜਿਹੜਾ ਏਨਾ ਲੁਕਵਾਂ ਸੀ ਕਿ ਅਸੀਂ ਪਛਾਣ ਨਾ ਸਕੇ। ਇਹ ਸੱਭਿਆਚਰਕ ਮੇਲਿਆਂ ਦੇ ਨਾਮ 'ਤੇ ਸ਼ੁਰੂ ਹੋਇਆ ਗੰਦ ਹੀ ਸੀ ਜਿਸਨੇ ਅੱਜ ਏਨਾ ਘਾਤਕ ਰੂਪ ਲੈ ਲਿਆ ਸੀ। ਕੌਮ ਨੂੰ ਉਸ ਦੇ ਸਿਧਾਂਤ, ਫਲਸਫੇ ਤੇ ਇਤਿਹਾਸ ਨਾਲੋਂ ਤੋੜ ਕੇ ਏਸ ਕੰਜਰ ਕਲਚਰ ਦਾ ਹਿੱਸਾ ਬਣਾਇਆ ਜਾਣਾ ਸੀ। ਸਿੱਧੇ ਸ਼ਬਦਾਂ ਵਿਚ ਕਹਿ ਲਉ ਕਿ ਜੁਝਾਰੂਆਂ ਦੀ ਕੌਮ ਨੂੰ ਨਚਾਰਾਂ ਦੀ ਕੌਮ ਬਣਾਇਆ ਜਾਣਾ ਸੀ। ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ (ਇੱਜ਼ਤਾਂ) ਦੇ ਰਾਖਿਆਂ ਨੂੰ ਆਪਣੀਆਂ ਧੀਆਂ-ਭੈਣਾਂ ਦੀਆਂ ਚੁੰਨੀਆਂ ਰੋਲਣ ਲਾਉਣਾ ਸੀ..... ਤੇ ਹਕੂਮਤ ਆਪਣੇ ਇਸ ਹਮਲੇ ਵਿਚ ਸਫਲ ਰਹੀ। ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਹੱਸਦੇ, ਨੱਚਦੇ, ਟੱਪਦੇ ਆਪਣੇ ਅਸਲੀ ਵਿਰਸੇ ਤੇ ਸੱਭਿਆਚਾਰ ਤੋਂ ਟੁੱਟ ਕੇ ਕੰਜਰ ਕਿੱਤੇ ਵਿਚ ਧਸ ਗਏ। ਦੁਸ਼ਮਨ ਦੀਆਂ ਘੰਡੀਆਂ ਮਰੋੜਣ ਵਾਲੇ ਹੱਥ ਪਤਾ ਨਈ ਕਦੋਂ ਆਪਣੀਆਂ ਧੀਆਂ-ਭੈਣਾਂ ਨਾਲ ਸਟੇਜਾਂ 'ਤੇ ਭੰਗੜੇ ਦੇ ਐਕਸ਼ਨਾਂ ਵਿਚ ਹਿੱਲਣ ਲੱਗ ਪਏ। ਭੰਗੜਾ ਗਿੱਧਾ ਪਾਉਣਾ ਕੋਈ ਬੱਜਰ ਕੁਰਿਹਤ ਨਹੀਂ, ਮੈਂ ਇਸ ਨੂੰ ਨਿੰਦ ਨਹੀਂ ਰਿਹਾ। ਪਰ ਨਾਚ ਸੁਖੀ ਵਸਦਿਆਂ ਨੂੰ ਸੋਭਦੇ ਹਨ। 'ਰੋਮ ਜਲਦਾ ਰਿਹਾ ਤੇ ਨੀਰੋ ਬੰਸਰੀ ਵਜਾਉਦਾ ਰਿਹਾ' ਜਿਹਨਾਂ ਦੇ ਘਰ ਨੂੰ ਅੱਗ ਲੱਗੀ ਹੋਵੇ ਉਹ ਭੰਗੜੇ ਨਹੀਂ ਪਾਉਂਦੇ। ਨੱਚਣ ਵੱਲੋਂ ਥੋੜਾ ਜਿਹਾ ਧਿਆਨ ਹਟਾਉਂਗੇ ਤਾਂ ਘਰ ਨੂੰ ਲੱਗੀ ਅੱਗ ਤੁਹਾਨੂੰ ਵੀ ਦਿਸ ਪਵੇਗੀ। ਕਰਜਿਆਂ ਦੇ ਕਹਿਰ ਦੇ ਮਾਰੇ ਦਰਖਤਾਂ ਨਾਲ ਫਾਹਾ ਲੈ ਕੇ ਲਟਕਦੇ ਹਜ਼ਾਰਾਂ ਕਿਸਾਨ ਤੁਹਾਨੂੰ ਦਿਸ ਪੈਣਗੇ, ਪਾਣੀ ਖੁਣੋਂ ਸੁੱਕਦੀ ਜਾ ਰਹੀ ਜ਼ਰਖੇਜ ਮਾਂ ਧਰਤੀ ਤੁਹਾਡੀ ਨਜ਼ਰੀ ਪੈ ਜਾਵੇਗੀ, ਪਰਿਵਾਰਾਂ ਦੇ ਢਿੱਡ ਭਰਨ ਲਈ ਵਿਦੇਸ਼ ਜਾਣ ਦੀ ਲਾਲਸਾ ਵਿਚ ਅੰਬੈਸੀਆਂ ਦੇ ਧੱਕੇ ਖਾ ਰਹੇ ਲੱਖਾਂ ਨੌਜੁਆਨ ਤੁਹਾਨੂੰ ਦਿਖਾਈ ਦੇਣਗੇ। ਬਸ ਲੋੜ ਤਾਂ ਨਾਚ ਗਾਣੇ ਵੱਲੋਂ ਥੋੜਾ ਜਿਹਾ ਧਿਆਨ ਹਟਾਉਣ ਦੀ ਹੈ। ਯਾਦ ਰੱਖਿਓ ਨਚਾਰਾਂ ਨੇ ਇਤਿਹਾਸ ਵਿਚ ਕੋਈ ਮੱਲਾਂ ਨਹੀਂ ਮਾਰੀਆਂ। ਆਪਣੀਆਂ ਭੈਣਾਂ ਮੂਹਰੇ ਵੀ ਹੱਥ ਬੰਨ ਕੇ ਬੇਨਤੀ ਕਰਨੀ ਚਾਹਾਂਗਾ ਕਿ ਭੈਣੋਂ ਅੱਗੇ ਵਧੋ, ਮਰਦਾਂ ਦੇ ਬਰਾਬਰ ਆਓ। ਹਰੇਕ ਖੇਤਰ ਵਿਚ ਤਰੱਕੀ ਕਰੋ। ਪਰ ਕਿਤੇ ਅੱਗੇ ਵਧਦੀਆਂ ਆਪਣੇ ਵਿਰਸੇ, ਇਤਿਹਾਸ ਤੇ ਸਿਧਾਂਤ ਵੱਲ ਪਿੱਠ ਨਾ ਕਰ ਲਿਓ। ਅੱਜ ਵੱਧ ਗਿਲਾ ਤੁਹਾਡੇ 'ਤੇ ਹੈ। ਜੰਗ ਵਿਚ ਸੱਚੇ ਪਾਤਸ਼ਾਹ ਨੂੰ ਬੇਦਾਵਾ ਲਿਖ ਕੇ ਦੇ ਆਏ ਸਿੰਘਾਂ ਨੂੰ ਮਾਤਾ ਭਾਗ ਕੌਰ ਦੀ ਵੰਗਾਰ ਨੇ ਵਾਪਸ ਮੋੜ ਲਿਆ ਸੀ। ਪਰ ਤੁਸੀਂ ਤਾਂ ਗਲਤੀਆਂ ਕਰ ਰਹੇ ਵੀਰਾਂ ਨੂੰ ਮੋੜਣ ਦੀ ਥਾਂ 'ਤੇ ਆਪ ਵੀ ਨਾਲ ਹੀ ਤੁਰ ਪਈਆਂ। ਥੋਨੂੰ ਕਿਸੇ ਨੇ ਸਿਆਣੀਆਂ ਨਈ ਕਹਿਣਾ ਭੈਣੋਂ ਜੇ ਤੁਸੀਂ ਆਪਣਾ ਸੋਹਣਾ ਪਹਿਰਾਵਾ ਤਿਆਗ ਦਿੱਤਾ। ਅੱਜ ਕਈ ਵਾਰ ਤੁਹਾਡੇ ਪਾਏ ਕੱਪੜੇ ਵੇਖ ਕੇ ਆਪ ਸ਼ਰਮ ਨਾਲ ਮੂੰਹ ਥੱਲੇ ਕਰਨਾ ਪੈਂਦਾ ਹੈ। ਵੇਖਿਓ ਮੇਰੀਆਂ ਭੈਣਾਂ ਕਿਤੇ ਬੇਬੇ ਨਾਨਕੀ, ਬੀਬੀ ਭਾਨੀ, ਮਾਤਾ ਗੁਜ਼ਰੀ, ਮਾਤਾ ਸਾਹਿਬ ਕੌਰ, ਬੀਬੀ ਹਰਸ਼ਰਨ ਕੌਰ, ਬੀਬੀ ਉਪਕਾਰ ਕੌਰ ਤੇ ਬੀਬੀ ਸਤਵੰਤ ਕੌਰ ਨੂੰ ਵਿਸਾਰ ਨਾ ਦਿਓ। ਇਹ ਹਮੇਸ਼ਾਂ ਤੁਹਾਨੂੰ ਤਾਕਤ ਤੇ ਬਲ ਬਖਸ਼ਨਗੀਆਂ। ਇਹਨਾਂ ਦੇ ਜੀਵਨ ਤੁਹਾਨੂੰ ਸੇਧ ਦੇਣਗੇ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਈ ਵਿਗੜਿਆ। ਮੁੜ ਆਓ ਵਾਪਸ...... ਭਾਵੇਂ ਤੁਸੀਂ ਕਾਫੀ ਦੂਰ ਨਿਕਲ ਗਈਆਂ ਹੋ.... ਪਰ ਅਜੇ ਵੀ ਵਾਪਸ ਮੁੜ ਸਕਦੀਆਂ ਹੋ। ਗੁਰੁ ਬਖ਼ਸ਼ਨਹਾਰ ਹੈ, ਸਾਡੀਆਂ ਸਾਰੀਆਂ ਗਲਤੀਆਂ ਭੁੱਲ ਕੇ ਗਲ ਲਾ ਲੈਂਦਾ ਹੈ,
"ਮੇਰੇ ਗੁਣ ਅਵਗਨ ਨ ਬੀਚਾਰਿਆ ॥ ਪ੍ਰਭਿ ਅਪਣਾ ਬਿਰਦੁ ਸਮਾਰਿਆ ॥ ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥18॥" 
ਗੁਰੂ ਨਾਲ, ਸਿਧਾਂਤ ਨਾਲ, ਇਤਿਹਾਸ ਨਾਲ ਪਿਆਰ ਪਾਓ। 
ਛੱਡੋ ਆਹ ਫਾਲਤੂ ਦੇ ਪਿਆਰ-ਮੁਹੱਬਤਾਂ ਨੂੰ। ਇਹ ਸਭ ਫਿਲਮੀਂ ਚਕਾਚੌਂਧ ਹੈ ਜੋ ਸਾਡਾ ਬੇੜਾ ਗਰਕ ਕਰ ਰਹੀ ਹੈ। ਮਾਪੇ ਤੁਹਾਡੇ ਵੈਰੀ ਨਹੀਂ ਕਿ ਤੁਹਾਡੇ ਵਾਸਤੇ ਮਾੜੇ ਵਰ ਲੱਭਣਗੇ। ਅੰਕੜੇ ਦੱਸਦੇ ਹਨ ਕਿ ਅਰੇਂਜ ਮੈਰਿਜ਼ਿਸ, ਲਵ ਮੈਰਿਜ਼ਾਂ ਤੋਂ ਕਈ ਗੁਣਾ ਵੱਧ ਸਫਲ ਹਨ। ਕੋਈ ਮਾਂ-ਬਾਪ ਇਹ ਤਾਅਨੇ ਨਹੀਂ ਸੁਣਨਾ ਚਾਹੁੰਦੇ ਕਿ ਕੋਈ ਕਹੇ ਕਿ 'ਯਰ ਇਹਨਾਂ ਦੀ ਕੁੜੀ ਨਿਕਲ ਗਈ'। ਹੁਣ ਇਹ ਤੁਹਾਡੇ 'ਤੇ ਹੈ ਕਿ ਬਾਪੂ ਦੀ ਪੱਗ ਸ਼ਹਿਰ ਬਜ਼ਾਰ ਰੋਲਣੀ ਹੈ ਜਾਂ ਉਸ ਨੂੰ ਏਨੇ ਜੋਗਾ ਬਣਾਉਣਾ ਹੈ ਕਿ ਉਹ ਤੁਹਾਡੇ 'ਤੇ ਮਾਣ ਕਰਕੇ ਹਿੱਕ ਤਾਣ ਕੇ ਤੁਰ ਸਕੇ। ਤੁਸੀਂ ਸਮਾਜ ਵਿਚ ਉੱਚੇ ਕਿਰਦਾਰ ਨਾਲ ਜੀਵੋ ਤੇ ਉੱਚੇ ਰੁਤਬਿਆਂ 'ਤੇ ਪਹੁੰਚੋਂ। ਆਪਣੀ ਚੁੰਨੀ ਤੇ ਬਾਪੂ ਦੀ ਪੱਗ ਨੂੰ ਦਾਗ਼ ਨਾ ਲੱਗਣ ਦਿਓ ਤੇ ਹੋਰਾਂ ਲਈ ਮਿਸਾਲਾਂ ਕਾਇਮ ਕਰੋ, ਫੇਰ ਕਿਸੇ ਦੀ ਮਜਾਲ ਨਹੀਂ ਕਿ ਕੁੱਖ ਵਿਚ ਧੀਆਂ ਨੂੰ ਕਤਲ ਕਰਵਾਵੇ। ਰਸੂਲ ਹਮਜਾਤੋਵ ਦੇ ਬੋਲ ਯਾਦ ਰੱਖੋ, "ਜੇ ਤੁਸੀਂ ਬੀਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ" ਇਤਿਹਾਸ ਭੁੱਲ ਜਾਣ ਵਾਲੀਆਂ ਕੌਮਾਂ ਦਾ ਕੋਈ ਭਵਿੱਖ ਨਹੀਂ ਹੁੰਦਾ। ਸਾਡਾ ਇਤਿਹਾਸ ਸਾਨੂੰ ਹੱਕ-ਸੱਚ ਅਤੇ ਮਨੁੱਖਤਾ ਦੀ ਆਜ਼ਾਦੀ ਲਈ ਜੂਝਣਾ ਸਿਖਾਉਂਦਾ ਹੈ ਨਾ ਕਿ ਸਟੇਜ਼ਾਂ 'ਤੇ ਅੱਧ ਨੰਗੇ ਹੋ ਕੇ ਦੋਹਰੇ ਅਰਥਾਂ ਵਾਲੇ ਗਾਣਿਆਂ 'ਤੇ ਨੱਚਣਾ। ਵੇਖਿਓ ਕਿਤੇ ਤੁਹਾਡੀਆਂ ਦਾਦੀਆਂ ਨੂੰ ਵੀ ਇਹ ਨਾ ਕਹਿਣਾ ਪਵੇ, "ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਗਈਆਂ....?" 
ਵਾਸਤਾ ਥੋਨੂੰ ਅਣਖੀ ਪੰਜਾਬ ਦਾ। 

** ਜੇ ਇਸ ਲੇਖ ਨੂੰ ਪੜ੍ਹ ਕੇ ਇੱਕ ਵੀ ਕੁੜੀ ਨੇ ਚੁੰਨੀ ਸੰਭਾਲਣੀ ਸਿੱਖ ਲਈ ਤਾਂ ਮੈਂ ਆਪਣਾ ਉਪਰਾਲਾ ਸਾਰਥਕ ਸਮਝਾਂਗਾ। 




Spl Thanks to 

ਜਗਦੀਪ ਸਿੰਘ ਫਰੀਦਕੋਟ

No comments: